ਚਿੰਤਨ ਦੀ ਭਾਸ਼ਾ ਅਤੇ ਪੰਜਾਬੀ – ਜੋਗਾ ਸਿੰਘ (ਡਾ.)

ਚਿੰਤਨ ਦੀ ਭਾਸ਼ਾ ਅਤੇ ਪੰਜਾਬੀ

ਜੋਗਾ ਸਿੰਘ (ਡਾ.)

ਡਾ. ਮਨਮੋਹਨ ਪੰਜਾਬੀ ਦੇ ਇਕ ਵਿਦਵਾਨ ਲੇਖਕ ਹਨ। ਅਜੋਕੇ ਪ੍ਰਚੱਲਤ ਚਿੰਤਨ ਨਾਲ ਉਹਨਾਂ ਦੀ ਚੰਗੀ ਵਾਕਫ਼ੀਅਤ ਹੈ। ਆਪਣੇ ਚਿੰਤਨਮੁਖੀ ਸੁਭਾਅ ਅਨੁਸਾਰ ਚਿੰਤਨ ਅਤੇ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਉਹਨਾਂ ‘ਪੰਜਾਬੀ ਪਛਾਣ ਤੇ ਸੱਤਾ : ਭਾਸ਼ਾ ਦਾ ਰੋਲ’ (ਪੰਜਾਬੀ ਟ੍ਰਿਬਿਊਨ, 16 ਜਨਵਰੀ, 2011, ਪੰਨਾ 6)  ਲੇਖ ਲਿਖਿਆ ਹੈ। ਡਾ. ਮਨਮੋਹਨ ਨੇ ਆਪਣੇ ਲੇਖ ਵਿਚ ਪੰਜਾਬੀ ਭਾਸ਼ਾ ਬਾਰੇ ਕੁਝ ਅਜਿਹੀਆਂ ਟਿੱਪਣੀਆਂ ਕੀਤੀਆਂ ਹਨ ਜੋ ਕੋਈ ਨਵੀਂਆਂ ਤਾਂ ਨਹੀਂ ਹਨ ਪਰ ਕਿਉਂਕਿ ਇਹ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਮਾਜ ਦੇ ਜੀਵਨ ਲਈ ਵੱਡੀ ਮਹੱਤਾ ਰੱਖਦੀਆਂ ਹਨ ਇਸ ਲਈ ਇਹਨਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ।
ਮਨਮੋਹਨ ਪੰਜਾਬੀ ਭਾਸ਼ਾ ਦੀ ਸਰਦਾਰੀ ਪ੍ਰਤੀ ਬਹੁਤ ਚਿੰਤਾਤੁਰ ਲੱਗਦੇ ਹਨ। ਇਹ ਸਰਦਾਰੀ ਕਾਇਮ ਨਾ ਹੋਣ ਦੇ ਕਾਰਣ ਉਹ ਇਹ ਦੱਸਦੇ ਹਨ:
”ਪੰਜਾਬੀ ਭਾਸ਼ਾ ਸਭਿਆਚਾਰਕ ਭਾਵੁਕਤਾ ਦੀ ਭਾਸ਼ਾ ਤਾਂ ਹੈ, ਰੋਮਾਂਸ ਦਾ ਕਥਨ ਸਿਰਜ ਸਕਦੀ ਹੈ, ਗਿਆਨ ਦਾ ਪ੍ਰਵਚਨ ਸਿਰਜਣ ਦੇ ਸਮਰੱਥ ਨਹੀਂ”;
”ਇਸ ਰਾਹੀਂ ਚੇਤਨ ਸਿੱਖਿਆ ਪ੍ਰਾਪਤੀ/ਦੇਣੀ ਅੱਜ ਸੰਭਵ ਨਹੀਂ ਹੈ”;
”ਪੰਜਾਬੀ ਭਾਸ਼ਾ ਨਾਲ ਪਛਾਣ ਤਾਂ ਕਾਇਮ ਕੀਤੀ ਜਾ ਸਕਦੀ ਹੈ”, ਪਰ ”ਢਿੱਡ ਨਹੀਂ ਭਰਿਆ ਜਾ ਸਕਦਾ”। ਇਸ ਲਈ ਹਕੂਮਤ ਨਹੀਂ ਚਾਹੁੰਦੀ ਕਿ ਪੰਜਾਬੀ ਭਾਸ਼ਾ ਹਾਕਮੀਅਤ ਦੀ ਸਥਿਤੀ ਵਿਚ ਰਹੇ ਅਤੇ ਹਾਕਮੀ ਸੰਚਾਰ ਪ੍ਰਬੰਧ ਦਾ ਹਿੱਸਾ ਬਣੇ।”
ਮਨਮੋਹਨ ਵਰਗੇ ਸੂਝਵਾਨ ਲੇਖਕ ਦੀ ਕਲਮ ਤੋਂ ਇਹ ਟਿੱਪਣੀਆਂ ਪੜ੍ਹ ਕੇ ਭਾਰੀ ਹੈਰਾਨੀ ਹੋਈ ਹੈ। ਦੁਨੀਆਂ ਦੇ ਕਿਸੇ ਭਾਸ਼ਾ ਮਾਹਿਰ ਨੇ ਅਜਿਹੀ ਕੋਈ ਭਾਸ਼ਾਈ ਵੰਡ ਪੇਸ਼ ਨਹੀਂ ਕੀਤੀ ਜਿਸ ਅਨੁਸਾਰ ਕੋਈ ਭਾਸ਼ਾ ਕਿਸੇ ਖਾਸ ਤਰ੍ਹਾਂ ਦਾ ਪ੍ਰਵਚਨ ਸਿਰਜਣ ਦੀ ਸਮਰੱਥਾ ਰੱਖਦੀ ਹੋਵੇ ਤੇ ਕਿਸੇ ਦੂਜੇ ਤਰ੍ਹਾਂ ਦਾ ਪ੍ਰਵਚਨ ਸਿਰਜਣ ਦੀ ਸਮਰੱਥਾ ਨਾ ਰੱਖਦੀ ਹੋਵੇ। ਪੰਜਾਬੀ ਹੀ ਨਹੀਂ ਦੁਨੀਆਂ ਦੀ ਹਰੇਕ ਭਾਸ਼ਾ ਹਰੇਕ ਤਰ੍ਹਾਂ ਦਾ ਪ੍ਰਵਚਨ ਸਿਰਜਣ ਦੇ ਸਮਰੱਥ ਹੈ, ਕਿਉਂਕਿ ਕਿਸੇ ਤਰ੍ਹਾਂ ਦੇ ਵੀ ਪ੍ਰਵਚਨ ਸਿਰਜਣ ਲਈ ਜਿਸ ਮੂਲ ਭਾਸ਼ਾਈ ਸਮੱਗਰੀ ਦੀ ਲੋੜ ਹੁੰਦੀ ਹੈ ਉਸ ਸਮੱਗਰੀ ਪੱਖੋਂ ਹਰ ਭਾਸ਼ਾ ਇੱਕੋ ਜਿੰਨੀ ਅਮੀਰ ਹੈ। ਇਸ ਸਮੱਗਰੀ ਨੂੰ ਮੋਟੇ ਤੌਰ ‘ਤੇ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ- ਵਿਆਕਰਣ ਅਤੇ ਸ਼ਬਦਾਵਲੀ। ਵਿਆਕਰਣ ਪੱਖੋਂ ਦੁਨੀਆਂ ਦੀ ਕੋਈ ਭਾਸ਼ਾ ਕਿਸੇ ਵੀ ਦੂਜੀ ਭਾਸ਼ਾ ਤੋਂ ਨਾ ਅਮੀਰ ਹੈ ਨਾ ਗ਼ਰੀਬ। ਜੇ ਰੂਪਾਂ ਦੀ ਬਹੁਤਾਤ ਨੂੰ ਅਮੀਰੀ ਸਮਝ ਹੀ ਲਿਆ ਜਾਵੇ ਤਾਂ ਫਿਰ ਗਿਆਨ ਦੀ ਅਖਾਉਤੀ ਸਭ ਤੋਂ ਵੱਧ ਅਮੀਰ ਭਾਸ਼ਾ ਅੰਗਰੇਜ਼ੀ ਹੀ ਗ਼ਰੀਬ ਭਾਸ਼ਾ ਹੈ। ਮਿਸਾਲ ਲਈ, ਅੰਗਰੇਜ਼ੀ ਦੇ ਕਿਰਿਆ ਰੂਪ ਦੇ ਵੱਧ ਤੋਂ ਵੱਧ ਪੰਜ ਰੂਪ ਬਣ ਸਕਦੇ ਹਨ (ਜਿਵੇਂ go ਦੇ go, went, gone, goes ਤੇ going)। ਪਰ ਪੰਜਾਬੀ ਵਿਚ ਵੇਖੋ – ਪੜ੍ਹ, ਪੜ੍ਹੋ, ਪੜ੍ਹੀਏ, ਪੜ੍ਹੇ, ਪੜ੍ਹਨ, ਪੜ੍ਹਦਾ, ਪੜ੍ਹਦੇ, ਪੜ੍ਹਦੀ, ਪੜ੍ਹਦੀਆਂ, ਪੜ੍ਹਾਂਗਾ, ਪੜ੍ਹਾਂਗੇ, ਪੜ੍ਹੇਗਾ, ਪੜ੍ਹੇਂਗਾ, ਪੜ੍ਹੋਗੇ, ਪੜ੍ਹਾਉਣ ਤੇ ਕਿੰਨੇ ਹੋਰ। ਹੁਣ ਹਿਸਾਬ ਲਾਓ ਕਿ ਵਿਆਕਰਣ ਪੱਖੋਂ ‘ਮਹਾਂਗਿਆਨਣੀ’ ਅੰਗਰੇਜ਼ੀ ਗ਼ਰੀਬ ਹੈ ਜਾਂ ‘ਮੂੜ੍ਹ’ ਪੰਜਾਬੀ।
ਪੰਜਾਬੀ ਅਤੇ ਅੰਗਰੇਜ਼ੀ ਦੀ ਵਿਆਕਰਣੀ ਅਮੀਰੀ-ਗਰੀਬੀ ਪਰਖਣ ਤੋਂ ਬਾਅਦ ਆਓ ਹੁਣ ਸ਼ਬਦਾਵਲੀ ‘ਤੇ ਵੀ ਝਾਤ ਮਾਰ ਲਈਏ। ਸ਼ਬਦਾਵਲੀ ਦੇ ਮੂਲ ਸਰੋਤਾਂ ਦੇ ਅਧਾਰ ‘ਤੇ ਵੀ ਸਾਰੀਆਂ ਭਾਸ਼ਾਵਾਂ ਇੱਕੋ ਜਿੰਨੀਆਂ ਹੀ ਅਮੀਰ ਜਾਂ ਗ਼ਰੀਬ ਹਨ ਕਿਉਂਕਿ ਵੱਖ-ਵੱਖ ਭਾਸ਼ਾਵਾਂ ਵਿਚ ਸ਼ਬਦਾਵਲੀ ਦੇ ਮੂਲ ਤੱਤਾਂ ਵਿਚ ਕੋਈ ਵਿਸ਼ੇਸ਼ ਅੰਤਰ ਨਹੀਂ। ਕਿਸੇ ਵੀ ਭਾਸ਼ਾ ਦੀ ਸਾਰੀ ਸ਼ਬਦਾਵਲੀ ਧਾਤੂਆਂ ਅਤੇ ਵਧੇਤਰਾਂ ਤੋਂ ਬਣੀ ਹੁੰਦੀ ਹੈ।ਮਿਸਾਲ ਲਈ ਅੰਗਰੇਜ਼ੀ ਦੇ ਸ਼ਬਦ digitilization ਨੂੰ ਲਿਆ ਜਾ ਸਕਦਾ ਹੈ। ਇਹ ਸ਼ਬਦ ਧਾਤੂ digit ਤੋਂ ਬਣਿਆ ਹੈ। (digit-digitilize-digitilization) ਸੋ ਜਿਸ ਭਾਸ਼ਾ ਕੋਲ ਵੀ digit ਦੇ ਤੁੱਲ ਸ਼ਬਦ ਹੈ ਉਸ ਤੋਂ ਅਗਲੇ ਦੋਹਾਂ ਸ਼ਬਦਾਂ ਦੇ ਤੁੱਲ ਸ਼ਬਦ ਸੌਖੇ ਹੀ ਬਣਾਏ ਜਾ ਸਕਦੇ ਹਨ (ਜਿਵੇਂ ਪੰਜਾਬੀ ਅੰਕ-ਅੰਕਾਉਣਾ-ਅੰਕੀਕਰਣ)। ਸੋ, ਹਰ ਭਾਸ਼ਾ ਕੋਲ ਉਹ ਮੂਲ ਸਮੱਗਰੀ ਹੈ ਜਿਸ ਦੇ ਅਧਾਰ ‘ਤੇ ਹਰ ਤਰ੍ਹਾਂ ਦਾ ਪ੍ਰਵਚਨ ਸਿਰਜਿਆ ਜਾ ਸਕਦਾ ਹੈ। ਸੋ, ਕੋਈ ਭਾਸ਼ਾ ”ਚਿੰਤਨ ਦੀ ਭਾਸ਼ਾ ਨਹੀਂ ਹੈ” ਕਹਿਣ ਦਾ ਮਤਲਬ ਤਾਂ ਬਲਕਿ ਇਹ ਕਹਿਣਾ ਹੈ ਕਿ ਉਸ ਭਾਸ਼ਾ ਦੇ ਬੁਲਾਰਿਆਂ ਦੇ ਸਿਰ ਵਿਚ ਦਿਮਾਗ ਨਹੀਂ ਬਣਿਆ। ਕਿਉਂਕਿ ਹਰ ਭਾਸ਼ਾ ਦਾ ਬੁਲਾਰਾ ਕਿਸੇ ਨਾ ਕਿਸੇ ਤਰ੍ਹਾਂ ਦਾ ਚਿੰਤਨ ਕਰਦਾ ਹੈ (ਭਾਵੇਂ ਉਹ ਇੱਕ ਦਿਨ ਵੀ ਸਕੂਲ ਨਾ ਗਿਆ ਹੋਵੇ)। ਬਹੁਤ ਅਨਪੜ੍ਹ ਪੰਜਾਬੀ ਬਹੁਤ ਅੰਗਰੇਜ਼ੀ ਪੜ੍ਹੇ ਪੰਜਾਬੀਆਂ ਨਾਲੋਂ ਬਿਹਤਰ ਚਿੰਤਨ ਕਰਦੇ ਹਨ।
ਪੰਜਾਬੀ ਭਾਸ਼ਾ ਵਿਚ ਤਾਂ ਮਹਾਨ ਚਿੰਤਨ ਦੇ ਬੜੇ ਲਿਖਤੀ ਸਬੂਤ ਵੀ ਹਨ। ਮਨਮੋਹਨ ਖੁਦ ਹੀ ਲਿਖਦੇ ਹਨ, ”ਆਦਿ ਗ੍ਰੰਥ ਤੇ ਮੱਧਕਾਲੀ ਸਾਹਿਤ ਵਿਚ ਵਿਕੋਲਿਤਰੇ ਰੂਪਾਂ ਤੋਂ ਇਲਾਵਾ ਕਦੀ ਵੀ ਪੰਜਾਬੀ ਗਿਆਨ ਦੀ ਭਾਸ਼ਾ ਨਹੀਂ ਬਣ ਸਕੀ।” ਸੋ, ਮਨਮੋਹਨ ਵੀ ਮੰਨਦਾ ਹੈ ਕਿ ਪੰਜਾਬੀ ਮੱਧਕਾਲ ਵਿਚ ਹੀ ਗਿਆਨ ਦੀ ਭਾਸ਼ਾ ਬਣ ਚੁੱਕੀ ਸੀ (ਜਦੋਂ ਅੰਗਰੇਜ਼ੀ ਹਾਲੇ ਅੱਖਾਂ ਖੋਲ੍ਹ ਰਹੀ ਸੀ) ਮੱਧਕਾਲ ਤੋਂ ਬਾਅਦ ਪੰਜਾਬੀ ਨੂੰ ਕਿਹੜਾ ਲਕਵਾ ਮਾਰ ਗਿਆ ਹੈ ਕਿ ਇਸ ਵਿਚ ਗਿਆਨ ਦਾ ਪ੍ਰਵਚਨ ਨਹੀਂ ਸਿਰਜਿਆ ਜਾ ਸਕਦਾ ? ਇਹ ਪ੍ਰਵਚਨ ਬਹੁਤ ਸਿਰਜਿਆ ਗਿਆ ਹੈ। ਇਹ ਜਾਨਣ ਲਈ ਵੀਹਵੀਂ ਸਦੀ ‘ਤੇ ਹੀ ਝਾਤ ਮਾਰ ਲੈਣੀ ਕਾਫ਼ੀ ਹੋਵੇਗੀ। ਕੇਵਲ ਸਾਹਿਤ ਦੇ ਖੇਤਰ ਤੇ ਹੀ ਝਾਤ ਮਾਰ ਲਈਏ ਤਾਂ ਭਾਈ ਵੀਰ ਸਿੰਘ, ਪ੍ਰੋਫ਼ੈਸਰ ਪੂਰਨ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਪ੍ਰਿੰਸੀਪਲ ਤੇਜਾ ਸਿੰਘ, ਬਲਵੰਤ ਗਾਰਗੀ, ਡਾ. ਹਰਿਭਜਨ ਸਿੰਘ ਆਪਣੀਆਂ ਵਾਰਤਕ ਲਿਖਤਾਂ ਵਿਚ ”ਰੋਮਾਂਸ ਦਾ ਕਥਨ” ਨਹੀਂ ਸਿਰਜ ਰਹੇ ”ਗਿਆਨ ਦਾ ਕਥਨ” ਸਿਰਜ ਰਹੇ ਹਨ। ਮੇਰੇ ਆਪਣੇ ਖੇਤਰ ਭਾਸ਼ਾ ਵਿਗਿਆਨ ਵਿਚ ਦੁਨੀ ਚੰਦ੍ਰ ਦਾ ‘ਪੰਜਾਬੀ ਵਿਆਕਰਣ’, ਕਰਮ ਸਿੰਘ ਗੰਗਾਵਾਲਾ ਦਾ ‘ਵੱਡਾ ਪੰਜਾਬੀ ਵਿਆਕਰਣ’, ਪ੍ਰੋ. ਸਾਹਿਬ ਸਿੰਘ ਦਾ ‘ਗੁਰਬਾਣੀ ਵਿਆਕਰਣ’, ”ਰੋਮਾਂਸ ਦੇ ਕਥਨ” ਨਹੀਂ ”ਗਿਆਨ ਦੇ ਕਥਨ” ਹਨ। ”ਗਿਆਨ ਦੇ ਕਥਨ” ਦੀ ਦੁਨੀਆਂ ਦੀਆਂ ਮਹਾਨਤਮ ਕਿਰਤਾਂ ਕਾਰਲ ਮਾਰਕਸ ਦੀ ‘ਪੂੰਜੀ’, ਡਾਰਵਿਨ ਦੀ ‘ਨਸਲਾਂ ਦੀ ਉਤਪੱਤੀ’, ਅਰਸਤੂ ਦੀ ‘ਕਾਵਿ ਸ਼ਾਸਤਰ’ ਸਭ ਪੰਜਾਬੀ ਵਿਚ ਪ੍ਰਾਪਤ ਹਨ। ਵੀਹਵੀਂ ਸਦੀ ਦੀ ਕੋਈ ਦਾਰਸ਼ਨਿਕ ਧਾਰਾ ਅਜਿਹੀ ਨਹੀਂ ਜਿਸ ‘ਤੇ ਪੰਜਾਬੀ ਵਿਚ ਪ੍ਰਵਚਨ ਨਾ ਮਿਲਦਾ ਹੋਵੇ। ਉਹ ਭਾਵੇਂ ਮਾਰਕਸਵਾਦ ਹੋਵੇ ਭਾਵੇਂ ਸੰਰਚਨਾਵਾਦ, ਭਾਵੇਂ ਉੱਤਰ-ਆਧੁਨਿਕਤਾਵਾਦ ਤੇ ਭਾਵੇਂ ਪੂਰਬਵਾਦ।
ਜੇ ਵਿਗਿਆਨਾਂ ਦੀ ਗੱਲ ਵੀ ਕਰਨੀ ਹੋਵੇ ਤਾਂ ਵਿਗਿਆਨ ਦਾ ਕੋਈ ਖੇਤਰ ਨਹੀਂ ਜਿਸ ਬਾਰੇ ਪੰਜਾਬੀ ਵਿਚ ਪ੍ਰਵਚਨ ਨਾ ਹੋ ਰਿਹਾ ਹੋਵੇ। ਉਹ ਭਾਵੇਂ ਭੌਤਿਕ ਵਿਗਿਆਨ ਹੋਵੇ ਭਾਵੇਂ ਰਸਾਇਣ ਵਿਗਿਆਨ, ਭਾਵੇਂ ਬਨਸਪਤੀ ਵਿਗਿਆਨ ਹੋਵੇ ਭਾਵੇਂ ਜੀਵ ਵਿਗਿਆਨ। ਸੁਰਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਧੀਰ, ਵਿਦਵਾਨ ਸਿੰਘ ਸੋਨੀ, ਹਰਦੇਵ ਸਿੰਘ ਵਿਰਕ, ਸੀ. ਪੀ. ਕੰਬੋਜ ਆਦਿ ਵਿਗਿਆਨ ਦੇ ਖੇਤਰ ਵਿਚ ਅਨੇਕਾਂ ਲਿਖਾਰੀ ਵਿਗਿਆਨ ਦੀਆਂ ਨਵੀਆਂ ਤੋਂ ਨਵੀਆਂ ਖੋਜਾਂ ਬਾਰੇ ਪੰਜਾਬੀ ਵਿਚ ਲਗਾਤਾਰ ਲਿਖਦੇ ਰਹਿੰਦੇ ਹਨ। ਮੇਰੇ ਵਿਭਾਗ ਦੇ ਨੌਜੁਆਨ ਲਿਖਾਰੀ ਸੀ. ਪੀ. ਕੰਬੋਜ ਇਕੱਲੇ ਦੀਆਂ ਕੰਪਿਊਟਰ ਬਾਰੇ ਦੋ ਦਰਜਨ ਦੇ ਕਰੀਬ ਕਿਤਾਬਾਂ ਹਨ। ਪੰਜਾਬੀ ਅਸ਼ਟਾਧਿਆਈ, ਵਾਕਿਆਪਦੀ, ਚਰਕ ਸੰਹਿਤਾ, ਨਾਟ-ਸ਼ਾਸਤਰ, ਅਰਥ ਸ਼ਾਸਤਰ, ਵੇਦਾਂ ਤੇ ਉਪਨਿਸ਼ਦਾਂ ਦੀ ਵਾਰਿਸ ਹੈ। ਇਕੱਲੀ ਪੰਜਾਬੀ ਯੂਨੀਵਰਸਿਟੀ ਨੇ ਹਜ਼ਾਰਾਂ ਦੀ ਗਿਣਤੀ ਵਿਚ ਹਰ ਵਿਸ਼ੇ ‘ਤੇ ਪੰਜਾਬੀ ਦੀਆਂ ਕਿਤਾਬਾਂ ਛਾਪੀਆਂ ਹਨ। ਇਸ ਯੂਨੀਵਰਸਿਟੀ ਦੇ ਇਕੱਲੇ ਜੀਵ ਵਿਗਿਆਨ (Zoology) ਵਿਭਾਗ ਦੇ ਅਧਿਆਪਕਾਂ ਨੇ ਪੰਜਾਬੀ ਵਿਚ 32 ਕਿਤਾਬਾਂ ਛਾਪੀਆਂ ਹਨ। 26 ਵਿਸ਼ਿਆਂ ਦੀਆਂ ਤਕਨੀਕੀ ਸ਼ਬਦਾਵਲੀਆਂ ਪਟਿਆਲੇ ਭਾਸ਼ਾ ਵਿਭਾਗ, ਪੰਜਾਬ ਵਿਚ ਪਈਆਂ ਪੰਜਾਬੀਆਂ ਦੀ ਸੂਝ ਅਤੇ ਗੈਰਤ ਨੂੰ ਕੋਸ ਰਹੀਆਂ ਹਨ।  ਸੋ ਜੇ ਕੋਈ ਇਹ ਕਹਿੰਦਾ ਹੈ ਕਿ ਪੰਜਾਬੀ  ਵਿਚ ਚਿੰਤਨ ਜਾਂ ਗਿਆਨ ਦਾ ਕਥਨ ਨਹੀਂ ਹੋ ਸਕਦਾ ਤਾਂ ਨਿਸਚੇ ਹੀ ਉਸ ਨੂੰ ਕੁਝ ਹੋਰ ਗਿਆਨ ਹਾਸਲ ਕਰਨ ਦੀ ਲੋੜ ਹੈ।
ਮੈਂ ਡਾ. ਮਨਮੋਹਨ ਹੁਰਾਂ ਦੇ ਚਰਚਾ ਹੇਠਲੇ ਲੇਖ ਨੂੰ ਵੀ ਗਿਆਨ ਦਾ ਪ੍ਰਵਚਨ ਹੀ ਸਮਝਦਾ ਹਾਂ ਤੇ ਅਜਿਹੇ ਕਿੰਨੇ ਲੇਖ ਪੰਜਾਬੀ ਦੀਆਂ ਇੱਕ ਦਿਨ ਦੀਆਂ ਅਖ਼ਬਾਰਾਂ ਵਿਚੋਂ ਹੀ ਲੱਭ ਜਾਂਦੇ ਹਨ।
ਮਨਮੋਹਨ ਹੁਰਾਂ ਦੇ ਵਿਚਾਰ ਕਿ ”ਪੰਜਾਬੀ ਰਾਹੀਂ ਚੇਤਨ ਸਿੱਖਿਆ ਪ੍ਰਾਪਤੀ/ਦੇਣੀ ਅੱਜ ਸੰਭਵ ਨਹੀਂ ਹੈ” ਦਾ ਵੀ ਕੋਈ ਵਾਸਤਵਿਕ ਅਧਾਰ ਨਹੀਂ ਹੈ। 1980 ਤੱਕ ਇੱਕਾ-ਦੁੱਕਾ ਸਕੂਲਾਂ ਨੂੰ ਛੱਡ ਕੇ ਪੰਜਾਬੀ ਦੇ ਸਾਰੇ ਸਕੂਲਾਂ ਵਿਚ ਗਿਆਨ-ਵਿਗਿਆਨ ਪੰਜਾਬੀ ਵਿਚ ਹੀ ਪੜ੍ਹਾਇਆ ਜਾਂਦਾ ਸੀ ਤੇ ਸਰਕਾਰੀ ਸਕੂਲਾਂ ਵਿਚ ਅੱਜ ਵੀ ਪੜ੍ਹਾਇਆ ਜਾ ਰਿਹਾ ਹੈ। ਹਾਲੇ ਕੋਈ ਸਬੂਤ ਨਹੀਂ ਆਇਆ ਕਿ ਜੇ ਪੜ੍ਹਾਈ ਠੀਕ ਕਰਾਈ ਜਾਵੇ ਤਾਂ ਪੰਜਾਬੀ ਮਾਧਿਅਮ ਵਿਚ ਸਕੂਲੀ ਸਿੱਖਿਆ ਪ੍ਰਾਪਤ ਵਿਦਿਆਰਥੀ ਅੰਗਰੇਜ਼ੀ ਮਾਧਿਅਮ ਵਿਚ ਸਕੂਲੀ ਸਿੱਖਿਆ ਪ੍ਰਾਪਤ ਵਿਦਿਆਰਥੀ ਨਾਲੋਂ ਸਿੱਖਿਆ ਵਿਚ ਜਾਂ ਅੰਗਰੇਜ਼ੀ ਵਿਚ ਪਿੱਛੇ ਰਹਿ ਜਾਂਦਾ ਹੈ। ਮਾਨਵ/ਸਮਾਜ ਵਿਗਿਆਨਾਂ ਅਤੇ ਕਲਾਵਾਂ ਦਾ ਪੀ-ਐੱਚ.ਡੀ. ਪੱਧਰ ਦਾ ਅਧਿਐਨ ਤੇ ਅਧਿਆਪਨ ਪੰਜਾਬੀ ਰਾਹੀਂ ਹੋ ਰਿਹਾ ਹੈ। ਅਸਲ ਵਿਚ ਮਾਨਵ ਵਿਗਿਆਨਾਂ ਦੀ ਕਿਸੇ ਭਾਸ਼ਾ ਵਿਚ ਪੜ੍ਹਾਈ ਵਿਗਿਆਨਾਂ ਨਾਲੋਂ ਵੀ ਮੁਸ਼ਕਲ ਹੁੰਦੀ ਹੈ ਕਿਉਂਕਿ ਮਾਨਵ ਵਿਗਿਆਨਾਂ ਦੇ ਸੰਕਲਪ ਅਮੂਰਤ ਹੁੰਦੇ ਹਨ। ਸੋ, ਜਿਸ ਭਾਸ਼ਾ ਵਿਚ ਮਾਨਵ ਵਿਗਿਆਨਾਂ ਤੱਕ ਦੀ ਪੜ੍ਹਾਈ ਕਰਾਈ ਜਾ ਰਹੀ ਹੋਵੇ ਉਸ ਵਿਚ ਵਿਗਿਆਨਾਂ ਦੀ ਪੜ੍ਹਾਈ ਤਾਂ ਬੜੀ ਹੀ ਸੌਖੀ ਹੈ। ਜੋ ਨੁਕਸ ਮਨਮੋਹਨ ਪੰਜਾਬੀ ਵਿਚ ਅੱਜ ਕੱਢ ਰਹੇ ਹਨ ਇਹੀ ਨੁਕਸ ਬ੍ਰਾਹਮਣਵਾਦੀ ਧਾਰਾ ਉਸ ਸਮੇਂ ਦੀਆਂ ਲੋਕ ਬੋਲੀਆਂ ਵਿੱਚ ਕੱਢਦੀ ਸੀ। ਉਹ ਲੋਕ ਬੋਲੀਆਂ ਜਿੰਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਹੈ। ਯੂਰਪ ਦੇ ਬ੍ਰਾਹਮਣਵਾਦੀ ਵੀ ਸਿਰਫ਼ ਲਾਤੀਨੀ ਨੂੰ ਹੀ ਚਿੰਤਨ ਦੀ ਭਾਸ਼ਾ ਦਾ ਰੁਤਬਾ ਦੇਂਦੇ ਸਨ। ਉਹ ਪਹਿਲਾਂ ਫਰਾਂਸੀਸੀ ਨੂੰ ਤੇ ਫਿਰ ਜਰਮਨ ਤੇ ਅੰਗਰੇਜ਼ੀ ਨੂੰ ਗਵਾਰਾਂ ਦੀ ਭਾਸ਼ਾ ਹੀ ਕਹਿੰਦੇ ਸਨ। ਇਹ ਗੱਲ ਹੈ ਵੀ ਉਸ ਸਮੇਂ ਦੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਪੰਜਾਬ ਵਿਚ ਹੋ ਚੁੱਕੀ ਸੀ।
ਜੇ ਵਿਗਿਆਨਾਂ ਦੀ ਸਕੂਲ ਤੋਂ ਬਾਅਦ ਦੀ ਪੜ੍ਹਾਈ ਪੰਜਾਬੀ ਵਿਚ ਨਹੀਂ ਕਰਾਈ ਜਾ ਰਹੀ ਤਾਂ ਇਸ ਦਾ ਕਾਰਣ ਪੰਜਾਬੀ ਭਾਸ਼ਾ ਦੀ ਸਮਰੱਥਾ ਨਹੀਂ ਬਲਕਿ ਸਰਕਾਰਾਂ ਅਤੇ ਭਾਰੂ ਵਰਗ ਨੂੰ ਹੋਇਆ ਗਿਆਨ ਅੰਧਰਾਤਾ ਅਤੇ ਅਧਰੰਗ ਹੈ ਜੋ ਗਿਆਨ ਅਤੇ ਭਾਸ਼ਾ ਦੇ ਸਬੰਧ ਬਾਰੇ, ਸਿੱਖਿਆ ਅਤੇ ਭਾਸ਼ਾ ਦੇ ਸਬੰਧ ਬਾਰੇ ਅਤੇ ਕੋਈ ਵਿਦੇਸ਼ੀ ਭਾਸ਼ਾ ਕਿਵੇਂ ਸਿੱਖੀ ਜਾਂਦੀ ਹੈ ਬਾਰੇ ਜਾਂ ਸੌ ਫੀਸਦੀ ਅਗਿਆਨਤਾ ਵਿਚ ਜਿਉਂ ਰਹੇ ਹਨ ਜਾਂ ਸਵਾਰਥ ਨੇ ਉਹਨਾਂ ਨੂੰ ਸਮਾਜੀ ਸੰਵੇਦਨਾ ਤੋਂ ਪੂਰੀ ਤਰ੍ਹਾਂ ਹੀਣੇ ਕਰ ਦਿੱਤਾ ਹੈ।
ਮਨਮੋਹਨ ਹੁਰਾਂ ਨੇ ਇਹ ਵੀ ਲਿਖਿਆ ਹੈ ਕਿ ਹਕੂਮਤ ਇਸ ਲਈ ਪੰਜਾਬੀ ਨੂੰ ਹਾਕਮੀਅਤ ਦੀ ਸਥਿਤੀ ਨਹੀਂ ਦੇ ਰਹੀ ਕਿਉਂਕਿ ਇਸ ਨਾਲ ”ਢਿੱਡ ਨਹੀਂ ਭਰਿਆ ਜਾ ਸਕਦਾ,” ਯਾਨੀ ਕਿ ਪੰਜਾਬੀ ਨਾਲ ਰੁਜ਼ਗਾਰ ਨਹੀਂ ਮਿਲਦਾ। ਕਿੰਨੀ ਬੇਨਿਆਈ ਹੈ! ਪਹਿਲਾਂ ਪੰਜਾਬੀ ਨੂੰ ਪੰਜਾਬ ਵਿਚ ਵੀ ਚੰਗੀ ਆਮਦਨ ਵਾਲੇ ਰੁਜ਼ਗਾਰ ‘ਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਫਿਰ ਕਿਹਾ ਜਾਂਦਾ ਹੈ ਕਿ ਪੰਜਾਬੀ ਨਾਲ ਢਿੱਡ ਨਹੀਂ ਭਰਦਾ।
ਮਨਮੋਹਨ ਹੁਰਾਂ ਦਾ ਪੰਜਾਬੀ ਨੂੰ ਹਕੂਮਤ ਦੀ ਕੁਰਸੀ ‘ਤੇ ਬਿਠਾਉਣ ਲਈ ਸੁਝਾਅ ਹੈ ਕਿ ”ਪੰਜਾਬੀ ਭਾਸ਼ਾ ਨੂੰ ਅਕਾਦਮਿਕ ਅਤੇ ਪ੍ਰੋਫ਼ੈਸ਼ਨਲ ਲੁੱਕ ਦੇ ਕੇ ਗਿਆਨ/ਚਿੰਤਨ ਦੀ ਭਾਸ਼ਾ ਬਣਾਉਣਾ ਲਾਜ਼ਮੀ ਹੈ।” ਉਹਨਾਂ ਦਾ ਵਿਚਾਰ ਹੈ ਕਿ ”ਜਦੋਂ-ਜਦੋਂ ਪੰਜਾਬੀ ਭਾਵੁਕਤਾ ਦੇ ਜੂਲੇ ਚੋਂ ਨਿਕਲ ਕੇ ਗਿਆਨ ਦੀ ਭਾਸ਼ਾ ਬਣੇਗੀ, ਪੰਜਾਬੀ ਭਾਸ਼ਾ ਤਿਵੇਂ-ਤਿਵੇਂ ਸੱਤਾ ਦੀ ਭਾਗੀਦਾਰ ਬਣੇਗੀ। ਉਦੋਂ ਵੇਲੇ ਦੀਆਂ ਹਕੂਮਤਾਂ ਵੀ ਪੰਜਾਬੀ ਪਛਾਣ ਨੂੰ ਸਵੀਕਾਰ ਕਰਨਗੀਆਂ ਅਤੇ ਵੇਲੇ ਦੇ ਹੁਕਮ ਦੀ ਭਾਸ਼ਾ ਬਣਾਉਣਗੀਆਂ।”
ਯਾਨੀ ਕਿ, ਵੇਲੇ ਦੀਆਂ ਹਕੂਮਤਾਂ ਉਸ ਭਾਸ਼ਾ ਨੂੰ ਹੀ ਹੁਕਮ ਦੀ ਭਾਸ਼ਾ ਬਣਾਉਂਦੀਆਂ ਹਨ ਜੋ ਗਿਆਨ ਦੀ ਭਾਸ਼ਾ ਹੋਵੇ। ਜੇ ਇਹ ਗੱਲ ਸਹੀ ਹੈ ਤਾਂ ਮਨਮੋਹਨ ਹੁਰਾਂ ਦਾ ਲਿਖਿਆ ਸਾਰਾ ਹੀ ਅਜਾਈਂ ਚਲਾ ਗਿਆ ਹੈ, ਕਿਉਂਕਿ ਭਾਰਤ ਸਰਕਾਰ ਦੇ ਸਾਰੇ ਦਸਤਾਵੇਜ਼ ਇਹੀ ਆਦੇਸ਼ ਦਿੰਦੇ ਹਨ ਕਿ ਪ੍ਰਾਂਤਾਂ ਦਾ ਪ੍ਰਸ਼ਾਸਨਿਕ ਕੰਮ-ਕਾਜ ਅਤੇ ਸਿੱਖਿਆ ਉਸ ਪ੍ਰਾਂਤ ਦੀ ਸਥਾਨਕ ਭਾਸ਼ਾ ਵਿਚ ਹੋਵੇ। ਪੰਜਾਬ ਸਰਕਾਰ ਨੇ ਵੀ ਪਹਿਲਾਂ 1967 ਵਿਚ ਤੇ ਮੁੜ 2008 ਵਿਚ ਕਾਨੂੰਨ ਪਾਸ ਕੀਤਾ ਹੈ ਕਿ ਸਾਰਾ ਸਰਕਾਰੀ ਕੰਮ-ਕਾਜ ਪੰਜਾਬੀ ਵਿਚ ਹੋਵੇ। ਇੰਜ ਪੰਜਾਬੀ ਭਾਸ਼ਾ ਨੂੰ ਗਿਆਨ ਦੀ ਭਾਸ਼ਾ ਹੋਣ ਦਾ ਹਾਕਮੀ ਸਬੂਤ ਵਿਚਾਰਧਾਰਕ ਪੱਧਰ ‘ਤੇ ਤਾਂ ਮਿਲ ਹੀ ਚੁੱਕਾ ਹੈ। ਲੋੜ ਬੱਸ ਇਹਨੂੰ ਵਿਹਾਰ ਵਿਚ ਢਾਲਣ ਦੀ ਹੈ।
ਅੰਤ ‘ਤੇ ਮੈਂ ਨੋਬਲ ਇਨਾਮ ਜੇਤੂ ਅਮਰਤਿਆ ਸੇਨ ਦੀ ਇੱਕ ਗੱਲ ਜੋ ਉਹ ਅਕਸਰ ਕਹਿੰਦੇ ਹਨ ਪਾਠਕਾਂ ਨਾਲ ਸਾਂਝੀ ਕਰਨੀ ਚਾਹਵਾਂਗਾ। ਉਹਨਾਂ ਅਨੁਸਾਰ ਭਾਰਤ ਦੀ ਪੁਰਾਣੀ ਸੰਵਾਦ ਪਰੰਪਰਾ ਇਸ ਕਰਕੇ ਬਹੁਤ ਕਮਜ਼ੋਰ ਪਏ ਗਈ ਹੈ ਕਿ ਅਸੀਂ ਮਾਹਿਰ ਰਾਏ ਨੂੰ ਬਿਨਾਂ ਜਾਣੇ ਐਵੇਂ ਗੱਲਾਂ ਕਰੀਂ ਜਾਂਦੇ ਹਾਂ। ਨਤੀਜਾ ਇਹ ਹੁੰਦਾ ਹੈ ਕਿ ਅਸੀਂ ਜਾਤੀ ਜਿਹੇ ਪ੍ਰਭਾਵਾਂ ਵਾਲੀਆਂ ਗੱਲਾਂ ਕਰੀ ਜਾਂਦੇ ਹਾਂ ਜਿਨ੍ਹਾਂ ਦਾ ਕੋਈ ਮਾਹਿਰ (ਪ੍ਰੋਫ਼ੈਸ਼ਨਲ) ਗਿਆਨਾਤਮਕ ਅਧਾਰ ਨਹੀਂ ਹੁੰਦਾ। ਸੋ ਵਿਦਵਾਨ ਪੰਜਾਬੀਆਂ ਨੂੰ ਬੇਨਤੀ ਹੈ ਕਿ ਜਾਤੀ ਅਣਪੜਚੋਲੇ ਪ੍ਰਭਾਵਾਂ ਨੂੰ ਵਿਦਵੱਤਾ ਦਾ ਕਥਨ ਨਾ ਐਲਾਨਿਆ ਜਾਵੇ।
(ਪੰਜਾਬੀ ਫ਼ੀਚਰ ਸਰਵਿਸ)
ਪ੍ਰੋਫ਼ੈਸਰ ਅਤੇ ਮੁਖੀ
ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾ : 99157-09582
ਈ-ਮੇਲ : jogasinghvirk0yahoo.co.in

Converted from Satluj to Unicode

©2013 AglsoftDisclaimer – Feedback

ਇਸ਼ਤਿਹਾਰ
ਪ੍ਰਕਾਸ਼ਿਤ: ਨਵੇਂ ਲੇਖ ਵਿੱਚ | ਟਿੱਪਣੀ ਕਰੋ

ਪਲੀ ਦਾ 10ਵਾਂ ਸਲਾਨਾ ਮਾਂ-ਬੋਲੀ ਦਿਨ

ਪਲੀ ਦਾ 10ਵਾਂ ਸਲਾਨਾ ਮਾਂ-ਬੋਲੀ ਦਿਨ ਗਦਰ ਲਹਿਰ ਨੂੰ ਸਮਰਪਿਤ
ਹਰਪ੍ਰੀਤ ਸੇਖਾ

Image
ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ(ਪਲੀ) ਵੱਲੋਂ ਦਸਵਾਂ ਮਾਂ-ਬੋਲੀ ਦਿਨ 23 ਫਰਵਰੀ ਨੂੰ ਨੌਰਥ ਡੈਲਟਾ ਰੈਕ ਸੈਂਟਰ ਨੌਰਥ ਡੈਲਟਾ ਵਿਖੇ ਮਨਾਇਆ ਗਿਆ। ਇਸ ਵਾਰ ਇਹ ਦਿਨ ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਿੱਤ ਕੀਤਾ ਗਿਆ। ਇਸ ਸਮਾਰੋਹ ਵਿਚ ਗ੍ਰੇਟਰ ਵੈਨਕੂਵਰ ਦੇ ਇਲਾਕੇ ਵਿੱਚੋਂ ਦੋ ਸੌ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਸਥਾਨਕ ਸਕੂਲਾਂ ਵਿਚ ਪੰਜਾਬੀ ਪੜ੍ਹਦੇ ਵਿਦਿਆਰਥੀਆਂ ਦੀ ਵੀ ਚੋਖੀ ਗਿਣਤੀ ਸੀ।

ਪਲੀ ਦੇ ਪ੍ਰਧਾਨ ਬਲਵੰਤ ਸੰਘੇੜਾ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਪੰਜਾਬੀ ਸਬੰਧੀ ਮਹੱਤਵਪੂਰਨ ਅੰਕੜਿਆਂ ਦਾ ਵਿਸਥਾਰ ਵਿਚ ਜ਼ਿਕਰ ਕੀਤਾ। ਹੋਰ ਮੁੱਦਿਆਂ ਦੇ ਨਾਲ ਨਾਲ ਉਨ੍ਹਾਂ ਦੱਸਿਆ ਕਿ ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬੀ ਹਵਾਈ ਜਹਾਜ਼ਾਂ ਵਿਚ ਸਫਰ ਕਰਦੇ ਹਨ ਪਰ ਕੋਈ ਵੀ ਹਵਾਈ ਕੰਪਨੀ ਪੰਜਾਬੀ ਸਵਾਰੀਆਂ ਦੀ ਸਹੂਲਤ ਲਈ ਕੋਈ ਵਿਸ਼ੇਸ਼ ਤਰੱਦਦ ਨਹੀਂ ਕਰਦੀਆਂ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਹਾਜ਼ਾਂ ਵਿੱਚ ਪੰਜਾਬੀ ਅਖਬਾਰ, ਰਸਾਲੇ ਅਤੇ ਪੰਜਾਬੀ ਜ਼ੁਬਾਨ ਵਿਚ ਸੂਚਨਾਵਾਂ ਆਦਿ ਦੇਣ ਬਾਰੇ ਏਅਰ ਲਾਈਨਾਂ ਨੂੰ ਪ੍ਰੇਰਨਾ ਚਾਹੀਦਾ ਹੈ।

ਪ੍ਰਸਿੱਧ ਇਤਿਹਾਸਕਾਰ ਸੋਹਣ ਸਿੰਘ ਪੂਨੀ ਨੇ ਆਪਣੇ ਭਾਸ਼ਣ ਵਿਚ ਕਨੇਡਾ ਵਿਚ ਪੰਜਾਬੀ ਬੋਲੀ ਨੂੰ ਗਦਰ ਲਹਿਰ ਦੀ ਦੇਣ ਬਾਰੇ ਗੱਲ ਕੀਤੀ। ਪੂਨੀ ਨੇ ਦੱਸਿਆ ਕਿ ਕਨੇਡਾ ਵਿਚ 1908 ਵਿਚ ਗੁਰਦੁਆਰੇ ਵਿਚ ਪੰਜਾਬੀ ਪੜ੍ਹਾਉਣ ਦੀ ਸ਼ੁਰੂਆਤ ਭਾਈ ਬਲਵੰਤ ਸਿੰਘ ਅਤੇ ਹਾਕਮ ਸਿੰਘ ਬੱਠਲ ਨੇ ਕੀਤੀ। ਹਿੰਦੁਸਤਾਨ ਤੋਂ ਬਾਹਰ ਪਹਿਲਾ ਪੰਜਾਬੀ ਅਖਬਾਰ ਸੁਦੇਸ਼ ਸੇਵਕ 1910 ਵਿਚ ਵੈਨਕੂਵਰ ਵਿਚ ਸ਼ੁਰੂ ਹੋਇਆ ਅਤੇ ਭਾਈ ਮੁਨਸ਼ਾ ਸਿੰਘ ਦੁਖੀ ਦੀ ਕਿਤਾਬ ‘ਦੁਸ਼ਮਣ ਦੀ ਖੋਜ-ਭਾਲ’ 1914 ਵਿਚ ਕਨੇਡਾ ਵਿਚ ਛਪਣ ਵਾਲੀ ਪਹਿਲੀ ਪੰਜਾਬੀ ਦੀ ਕਿਤਾਬ ਸੀ। ਉਨ੍ਹਾਂ ਕਿਹਾ ਕਿ ਗਦਰ ਲਹਿਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਖਾਹਿਸ਼ ਅਤੇ ਖਾਸ ਕਰਕੇ ਗਦਰ ਦੀ ਕਵਿਤਾ ਪੜ੍ਹਨ ਲਈ ਬਹੁਤ ਸਾਰੇ ਪੰਜਾਬੀਆਂ ਨੇ ਗੁਰਮੁਖੀ ਲਿਪੀ ਸਿੱਖੀ।

ਸਾਧੂ ਬਿਨਿੰਗ ਨੇ ਆਪਣੀ ਤਕਰੀਰ ਵਿਚ ਫਿਕਰ ਜ਼ਾਹਿਰ ਕੀਤਾ ਕਿ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਈ ਬੀ ਸੀ ਵਿਚ ਜਿਹੜੀਆਂ ਸੰਭਾਵਨਾਵਾਂ 1994 ਵਿਚ ਪੈਦਾ ਹੋਈਆਂ ਸਨ ਅਸੀਂ ਉਨ੍ਹਾਂ ਤੋਂ ਪੂਰੀ ਤਰ੍ਹਾਂ ਫਾਇਦਾ ਨਹੀਂ ਲੈ ਰਹੇ। ਉਨ੍ਹਾਂ ਨੇ ਸਕੂਲਾਂ ਵਾਸਤੇ ਸਲੇਬਸ ਤਿਆਰ ਕਰਨ ਲਈ ਸੈਕੂਲਰ ਲੀਹਾਂ ‘ਤੇ ਚੱਲਣ ‘ਤੇ ਜ਼ੋਰ ਪਾਇਆ। ਕਨੇਡਾ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਸਬੰਧੀ ਅਜੇ ਬਹੁਤ ਸਾਰੇ ਮਸਲੇ ਉਠਾਉਣ ਵਾਲੇ ਹਨ। ਏਥੇ ਲਿਖੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਤੌਰ ‘ਤੇ ਇਸ ਨੂੰ ਕਨੇਡੀਅਨ ਸਾਹਿਤ ਦਾ ਹਿੱਸਾ ਨਹੀਂ ਸਮਝਿਆ ਜਾਂਦਾ। ਇਸ ਦਾ ਸਿਰਫ ਲੇਖਕਾਂ ਨੂੰ ਹੀ ਨਹੀਂ ਆਮ ਪੰਜਾਬੀਆਂ ਨੂੰ ਵੀ ਹੋਣਾ ਚਾਹੀਦਾ ਹੈ।

Image

ਜਸ ਲੇਹਲ ਨੇ ਸਲਾਈਡਾਂ ਨਾਲ ਪੇਸ਼ਕਾਰੀ ਵਿਚ ਬੀ ਸੀ ਦੇ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਦੀ ਸਥਿਤੀ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਆਪਣੀ ਖੋਜ ਦਾ ਅਧਾਰ ਪਬਲਿਕ ਸਕੂਲ, ਪ੍ਰਾਈਵੇਟ ਸਕੂਲ ਅਤੇ ਗੁਰਦਾਆਰਿਆਂ ਨੂੰ ਬਣਾਇਆ। ਉਨ੍ਹਾਂ ਨੇ ਪੜ੍ਹਾਈ ਲਈ ਲੋਂੜੀਦੀ ਖੋਜ, ਢੁੱਕਵਾਂ ਸਲੇਬਸ ਅਤੇ ਪੰਜਾਬੀ ਅਧਿਆਪਕ ਤਿਆਰ ਕਰਨ ਦੀ ਲੋੜ ‘ਤੇ ਜੋæਰ ਦਿੱਤਾ।

ਕਨੇਡੀਅਨ ਮਰਦਮਸ਼ੁਮਾਰੀ ਵਿਭਾਗ ਵਿਚ ਕੰਮ ਕਰਦੇ ਅਸ਼ੋਕ ਮਾਥੁਰ ਅਤੇ ਪੀਟਰ ਲੀਆਂਗ ਨੇ ਆਪਣੀ ਸਲਾਈਡ ਪੇਸ਼ਕਾਰੀ ਵਿਚ ਕਨੇਡਾ ਵਿਚ ਪੰਜਾਬੀ ਬੋਲੀ ਦੀ ਸਥਿਤੀ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਅੰਕੜਿਆ ਰਾਹੀਂ ਦਿਖਾਇਆ ਕਿ ਪੰਜਾਬੀ ਕਨੇਡਾ ਵਿਚ ਤੀਜੀ ਵੱਡੀ ਬੋਲੀ ਹੈ; ਇਹ ਬੀ ਸੀ ਵਿਚ 193,000, ਓਂਟੇਰੀਓ ਵਿਚ 174,000 ਅਤੇ ਅਲਬਰਟਾ ਵਿਚ 50,000 ਲੋਕਾਂ ਵੱਲੋਂ ਬੋਲੀ ਜਾਂਦੀ ਹੈ। ਪੰਜਾਬੀ ਬੋਲਣ ਵਾਲੇ ਲੋਕ ਕਨੇਡਾ ਦੇ ਮਹਾਂਨਗਰਾਂ ਵਿਚ ਜ਼ਿਆਦਾ ਰਹਿੰਦੇ ਹਨ। ਪੰਜਾਬੀ ਲੇਖਕ ਗਿਆਨ ਸਿੰਘ ਕੋਟਲੀ ਨੇ ਆਪਣੀ ਕਵਿਤਾ ‘ਇਹ ਤਾਂ ਟੌਹਰ ਹੈ ਸਾਰੇ ਪੰਜਾਬੀਆਂ ਦੀ’ ਦਾ ਪਾਠ ਕੀਤਾ।

ਇਸ ਸਮਾਗਮ ਵਿਚ ਲੋਅਰ ਮੇਨਲੈਂਡ ਦੇ ਵੱਖ ਵੱਖ ਸਕੂਲਾਂ ਵਿਚ ਪੰਜਾਬੀ ਪੜ੍ਹਦੇ 40 ਦੇ ਕਰੀਬ ਵਿਦਿਆਰਥੀਆਂ ਨੇ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। ਹਰਦੀਪ ਵਿਰਕ ਨੇ ਗੁਰਦਾਸ ਮਾਨ ਦੇ ਦੋ ਗੀਤ ਪੇਸ਼ ਕੀਤੇ। ਬੀਵਰ ਕਰੀਕ ਐਲੀਮੈਂਟਰੀ ਸਕੂਲ ਦੇ ਪੰਜਵੀਂ ਕਲਾਸ ਦੇ ਬੱਚਿਆਂ ਨੇ ‘ਮਾਂ ਬੋਲੀ ਪੰਜਾਬੀ’ ਪੇਸ਼ ਕੀਤੀ। ਛੇਵੀਂ ਕਲਾਸ ਦੇ ਬੱਚਿਆਂ ਨੇ ‘ਚੰਗਾ ਬੱਚਾ’ ਅਤੇ ‘ਫੁੱਲਾਂ ਦਾ ਗੁਲਦਸਤਾ’ ਕਵਿਤਾਵਾਂ ਸੁਣਾਈਆਂ। ਸੱਤਵੀ ਕਲਾਸ ਦੇ ਬੱਚਿਆਂ ਨੇ ‘ਅਸੀਂ ਪੰਜਾਬੀ ਕਿਓਂ ਪੜ੍ਹਦੇ ਹਾਂ’ ਕਵਿਤਾ ਦਾ ਪਾਠ ਕੀਤਾ। ਨੌਰਥ ਡੈਲਟਾ ਸੈਕੰਡਰੀ ਸਕੂਲ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਹਰਲੀਨ ਧਾਮੀ ਨੇ ‘ਪਹਿਲੇ ਸ਼ਬਦ’ ਕਵਿਤਾ ਪੜ੍ਹੀ ਅਤੇ ਗੁਰਲੀਨ ਧਾਮੀ ਨੇ ਔਰਤਾਂ ਨਾਲ ਹੁੰਦੇ ਧੱਕੇ ਬਾਰੇ ਆਪਣਾ ਲੇਖ ਪੜਿਆ। ਪ੍ਰਿੰਸਿਸ ਮਾਰਗਰੇਟ ਸਕੂਲ ਦੇ ਬੱਚਿਆਂ ਨੇ ‘ਅੱਜ ਦੀ ਆਵਾਜ਼, ਪਗੜੀ, ਮਾਂ, ਅਤੇ ਪੰਜਾਬੀ ਬੋਲੀ’ ਕਵਿਤਾਵਾਂ ਸੁਣਾਈਆਂ। ਇਮਰੋਜਪਾਲ ਮੌੜ ਨੇ ਗ਼ਜ਼ਲ ਅਤੇ ਰਿੱਕ ਮੌੜ ਨੇ ‘ਬੀਬਾ ਰਾਣਾ’ ਕਵਿਤਾ ਸੁਣਾਈ।

Image

ਇਸ ਸਮਾਰੋਹ ਦੌਰਾਨ ਬੀ ਸੀ ਵਿਚ ਪੰਜਾਬੀ ਦੀ ਪੜਾਈ ਸਕੂਲਾਂ ਵਿਚ ਚਾਲੂ ਕਰਵਾਉਣ ਲਈ ਪਾਏ ਯੋਗਦਾਨ ਬਦਲੇ ਕੁਝ ਸਖ਼ਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਹ ਸ਼ਖਸ਼ੀਅਤਾਂ ਹਨ: ਇੰਦਰ ਮੇਟ੍ਹ, ਅੰਮ੍ਰਿਤ ਮਾਨ, ਰਜਿੰਦਰ ਪੰਧੇਰ ਅਤੇ ਪਾਲ ਬਿਨਿੰਗ। ਇੰਦਰ ਮੇਟ੍ਹ ਨੇ ਪ੍ਰਸ਼ਨ ਉਠਾਇਆ ਕਿ ਕਨੇਡਾ ਵਿਚ ਅੰਗ੍ਰੇਜ਼ੀ ਅਤੇ ਫਰਾਂਸੀਸੀ ਭਾਸ਼ਾ ਮੁਖ ਭਾਸ਼ਵਾਂ ਕਿਓਂ ਬਣੀਆਂ ਅਤੇ ਪੰਜਾਬੀ ਤੇ ਮੈਂਡਰਿਨ ਵਰਗੀਆਂ ਭਾਸ਼ਾਵਾਂ ਦੂਜੀਆਂ ਭਾਸ਼ਾਵਾਂ ਕਿਓਂ ਬਣੀਆਂ? ਉਨ੍ਹਾਂ ਨੇ ਇਤਿਹਾਸ ਨੂੰ ਘੋਖਣ ਦੀ ਲੋੜ ‘ਤੇ ਜ਼ੋਰ ਦਿੱਤਾ। ਰਜਿੰਦਰ ਪੰਧੇਰ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਇਸ ਗੱਲ ਦੀ ਮਿਸਾਲ ਹਨ ਕਿ ਪੰਜਾਬੀ ਸਿੱਖ ਕੇ ਬੇਹਤਰ ਨੌਕਰੀ ਮਿਲ ਸਕਦੀ ਹੈ। ਪਾਲ ਬਿਨਿੰਗ ਨੇ ਕਿਹਾ ਕਿ ਮੇਰੇ ਅੰਦਰ ਮਾਂ-ਬੋਲੀ ਦੀ ਸੇਵਾ ਕਰਨ ਦਾ ਜਜ਼ਬਾ ਹੈ ਅਤੇ ਮੈਂ ਕਰੀ ਜਾਨਾ। ਅੰਮ੍ਰਿਤ ਮਾਨ ਨੇ ਆਪਣੀ ਨਵੀਂ ਛਪੀ ਕਿਤਾਬ ‘ਕੁਸੰਭੜਾ ਅੱਜ ਖਿੜਿਆ’ ਪਲੀ ਨੂੰ ਭੇਂਟ ਕੀਤੀ। ਪੰਜਾਬੀ ਲੇਖਕ ਅਜਮੇਰ ਰੋਡੇ ਨੇ ਕਿਤਾਬ ਬਾਰੇ ਕੁਝ ਸ਼ਬਦ ਕਹੇ।

ਅੰਤ ਵਿਚ ਬਲਵੰਤ ਸਿੰਘ ਸੰਘੇੜਾ ਨੇ ਆਏ ਮਹਿਮਾਨਾਂ ਦੇ ਨਾਲ ਨਾਲ ਪੰਜਾਬੀ ਮੀਡੀਏ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਮਾਇਕ ਸਹਾਇਤਾ ਲਈ ਸੁੱਖੀ ਬਾਧ ਮੋਟਰਜ਼, ਪਰਮਜੀਤ ਸਿੰਘ ਸੰਧੂ, ਹਾਕਮ ਸਿੰਘ ਭੁੱਲਰ, ਰਾਏ ਬੈਂਸ ਅਤੇ ਦੀਪਕ ਬਿਨਿੰਗ ਫਾਊਂਡੇਸ਼ਨ ਦਾ ਧੰਨਵਾਦ ਕੀਤਾ। ਇਸ ਸਮਾਗਮ ਨੂੰ ਸਿਰੇ ਚੜ੍ਹਾਉਣ ਲਈ ਪਲੀ ਦੇ ਮੈਂਬਰ: ਸਾਧੂ ਬਿਨਿੰਗ, ਪਾਲ ਬਿਨਿੰਗ, ਪਰਵਿੰਦਰ ਧਾਰੀਵਾਲ, ਰਜਿੰਦਰ ਪੰਧੇਰ, ਰਮਿੰਦਰਜੀਤ ਧਾਮੀ, ਰਣਬੀਰ ਜੌਹਲ, ਹਰਮੋਹਨਜੀਤ ਪੰਧੇਰ, ਸੁਖਵੰਤ ਹੁੰਦਲ, ਜਸ ਲੇਹਲ, ਦਯਾ ਜੌਹਲ ਅਤੇ ਹੋਰ ਬਹੁਤ ਸਾਰੇ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ।

ਸਮਾਗਮ ਦਾ ਸੰਚਾਲਨ ਪ੍ਰਭਜੋਤ ਕੌਰ ਸਿੰਘ, ਜੋ ਕਨੇਡਾ ਵਿਚ ਜੰਮੀ ਪਲ਼ੀ ਵਿਦਿਆਰਥਣ ਹੈ, ਨੇ ਬਹੁਤ ਹੀ ਵਧੀਆ ਨਿਭਾਇਆ ਅਤੇ ਆਪਣੀ ਬੋਲੀ ਅਤੇ ਲਿਆਕਤ ਨਾਲ ਸਭ ਨੂੰ ਪ੍ਰਭਾਵਤ ਕੀਤਾ। ਉਸ ਦੇ ਇਸ ਕੰਮ ਵਿਚ ਪਲੀ ਦੀ ਸਕੱਤਰ ਪਰਵਿੰਦਰ ਧਾਰੀਵਾਲ ਨੇ ਮਹੱਤਵਪੂਰਨ ਰੋਲ ਨਿਭਾਇਆ।

ਪ੍ਰਕਾਸ਼ਿਤ: ਬਲਵੰਤ ਸਿੰਘ ਵਿੱਚ | ਟਿੱਪਣੀ ਕਰੋ

ਪਲੀ ਦਾ ਬਾਰਵਾਂ ਅੰਤਰਰਾਸ਼ਟਰੀ ਮਾਂ-ਬੋਲੀ ਦਿਨ – ਤਸਵੀਰਾਂ ਰਾਹੀਂ

PLEA's12thIMLD PLEA's12thIMLD-2 PLEA's12thIMLD-3JPG

ਪ੍ਰਕਾਸ਼ਿਤ: ਬਲਵੰਤ ਸਿੰਘ ਵਿੱਚ | ਟਿੱਪਣੀ ਕਰੋ

PLEA Appreciation Dinner July 6, 2017

PLEA Dinner July6, 2017

ਤਸਵੀਰ | Posted on by | ਟਿੱਪਣੀ ਕਰੋ

ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ – ਤਸਵੀਰਾਂ

This gallery contains 8 photos.

ਗੈਲਰੀ | ਟੈਗ: , , , , , , , | ਟਿੱਪਣੀ ਕਰੋ

ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ

ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਗੁਰਿੰਦਰ ਮਾਨ

ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ ਨੌਰਥ ਡੈਲਟਾ ਰੀਕ੍ਰੀਏਸ਼ਨ ਸੈਂਟਰ ਵਿਚ ਐਤਵਾਰ 26 ਫਰਵਰੀ ਵਾਲੇ ਦਿਨ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿਚ ਢਾਈ ਸੌ ਦੇ ਕਰੀਬ ਪੰਜਾਬੀ ਬੋਲੀ ਨਾਲ ਮੋਹ ਰੱਖਣ ਵਾਲੇ ਲੋਕ ਪਹੁੰਚੇ ਜਿਨ੍ਹਾਂ ਵਿਚ ਬੀ ਸੀ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਪੜ੍ਹ ਰਹੇ ਵਿਦਿਆਰਥੀ, ਉਨ੍ਹਾਂ ਦੇ ਅਧਿਆਪਕ ਤੇ ਮਾਪੇ ਸ਼ਾਮਲ ਸਨ। ਪ੍ਰੋਗਰਾਮ ਦੇ ਸ਼ੁਰੂ ਵਿਚ ਪਲੀ ਮੈਂਬਰ ਅਤੇ ਯੂ ਬੀ ਸੀ ਦੇ ਵਿਦਿਆਰਥੀ ਗੁਰਿੰਦਰ ਮਾਨ ਨੇ ਆਪਣੀ ਲਿਖੀ ਕਵਿਤਾ ਪ੍ਰਭਾਵਸ਼ਾਲੀ ਅੰਦਾਜ਼ ਵਿਚ ਪੇਸ਼ ਕੀਤੀ। ਪਲੀ ਦੇ ਪ੍ਰਧਾਨ ਬਲਵੰਤ ਸੰਘੇੜਾ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਪਲੀ ਵਲੋਂ ਬੀ ਸੀ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਪੰਜਾਬੀ ਬੋਲੀ ਦੀ ਪੜ੍ਹਾਈ ਲਈ ਕੀਤੀਆਂ ਸਰਗਰਮੀਆਂ ਬਾਰੇ ਸੰਖੇਪ ਵਿਚ ਸ੍ਰੋਤਿਆਂ ਨੂੰ ਦੱਸਿਆ। ਉਨ੍ਹਾਂ ਨੇ ਪਲੀ ਦੇ ਸਰਗਰਮ ਮੈਂਬਰਾਂ ਦੀ ਜਾਣ ਪਛਾਣ ਵੀ ਕਰਾਈ। ਜਿਨ੍ਹਾਂ ਵਿਚ ਸ਼ਾਮਲ ਹਨ: ਸਾਧੂ ਬਿਨਿੰਗ, ਪਰਵਿੰਦਰ ਧਾਰੀਵਾਲ, ਪਾਲ ਬਿਨਿੰਗ, ਪ੍ਰਭਜੋਤ ਕੌਰ, ਹਰਮੋਹਨਜੀਤ ਪੰਧੇਰ, ਰਣਬੀਰ ਜੌਹਲ, ਰਜਿੰਦਰ ਪੰਧੇਰ, ਗੁਰਿੰਦਰ ਮਾਨ ਤੇ ਦਇਆ ਕੌਰ ਜੌਹਲ।
ਇਸ ਵਰ੍ਹੇ ਦੇ ਸਮਾਗਮ ਦੇ ਹਿੱਸੇ ਵਜੋਂ ਪਲੀ ਨੇ ਪੰਜਾਬੀ ਅਦਾਕਾਰ ਓਮ ਪੁਰੀ ਦੀ ਜਨਵਰੀ ਵਿਚ ਹੋਈ ਅਚਾਨਕ ਮੌਤ ’ਤੇ ਦੁੱਖ ਪ੍ਰਗਟ ਕੀਤਾ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪਲੀ ਦੇ ਸਾਧੂ ਬਿਨਿੰਗ ਨੇ, ਜਿਨ੍ਹਾਂ ਦੇ ਪਰਿਵਾਰ ਦੀ ਓਮ ਪੁਰੀ ਹੋਰਾਂ ਨਾਲ ਬੜੀ ਪੁਰਾਣੀ ਨੇੜੇ ਦੀ ਸਾਂਝ ਸੀ, ਉਨ੍ਹਾਂ ਦੀ ਯਾਦ ਵਿਚ ਕਿਹਾ ਕਿ ਓਮ ਪੁਰੀ ਹੋਰਾਂ ਆਪਣੀ ਕਲਾ ਨਾਲ ਸਮੁੱਚੀ ਦੁਨੀਆ ਦੇ ਸੁਹੱਪਣ ਵਿਚ ਨਵੇਂ ਰੰਗ ਭਰੇ ਅਤੇ ਸੰਸਾਰ ਭਰ ਵਿਚ ਪੰਜਾਬੀਅਤ ਨੂੰ ਮਾਣ ਦੁਆਇਆ।
ਸਰੀ ਦੇ ਨਿਊਟਨ ਹਲਕੇ ਦੀ ਰਹਿ ਚੁੱਕੀ ਐਮ ਪੀ ਜਿੰਨੀ ਸਿੰਮਜ਼ ਨੇ ਪਲੀ ਵਲੋਂ ਅਗਲੀ ਪੀੜ੍ਹੀ ਨਾਲ ਪੰਜਾਬੀ ਦੀ ਸਾਂਝ ਗੂਹੜੀ ਕਰਨ ਦੀਆਂ ਕੋਸ਼ਸ਼ਾਂ ਨੂੰ ਸਰਾਹਿਆ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਪ੍ਰੇਰਨ। ਸਰੀ ਸਕੂਲ ਬੋਰਡ ਦੇ ਮੈਂਬਰ ਗੈਰੀ ਥਿੰਦ ਹੋਰਾਂ ਵੀ ਪਲੀ ਦੇ ਕੰਮਾਂ ਦੀ ਪ੍ਰੋੜਤਾ ਕੀਤੀ ਅਤੇ ਆਪਣੀ ਵਲੋਂ ਹਰ ਪੱਧਰ ’ਤੇ ਹਿਮਾਇਤ ਕਰਨ ਦਾ ਵਾਅਦਾ ਕੀਤਾ। ਪਲੀ ਦੀ ਸਰਗਰਮ ਮੈਂਬਰ ਪ੍ਰਭਜੋਤ ਕੌਰ ਨੇ ਪੰਜਾਬੀ ਬੋਲੀ ਤੇ ਸਾਹਿਤ ਦੀ ਅਮੀਰੀ ਬਾਰੇ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਵਾਂਟਲਿਨ ਯੂਨੀਵਰਸਿਟੀ ਤੋਂ ਪਰਵਿੰਦਰ ਧਾਰੀਵਾਲ ਦੇ ਵਿਦਿਆਰਥੀ ਲੈਂਗ ਕੋਚ ਨੇ ਪੰਜਾਬੀ ਸਿੱਖਣ ਦੇ ਫਾਇਦਿਆਂ ਬਾਰੇ ਆਪਣੇ ਵਿਚਾਰ ਦੱਸੇ। ਕੰਬੋਡੀਅਨ ਪਿਛੋਕੜ ਦੇ ਇਸ ਵਿਦਿਆਰਥੀ ਨੇ ਦੱਸਿਆ ਕਿ ਪੰਜਾਬੀ ਸਿੱਖਣ ਨਾਲ ਕਿਸ ਤਰ੍ਹਾਂ ਉਹ ਆਪਣੇ ਪੰਜਾਬੀ ਦੋਸਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਘੁਲ਼ ਮਿਲ਼ ਗਿਆ ਹੈ ਅਤੇ ਉਹਦੇ ਲਈ ਨਵੀਂ ਦੁਨੀਆਂ ਦੇ ਦਰਵਾਜੇ ਖੁੱਲ੍ਹ ਗਏ ਹਨ।
ਪਲੀ ਹਰ ਵਰ੍ਹੇ ਆਪਣੇ ਭਾਈਚਾਰੇ ਵਿਚੋਂ ਉਨ੍ਹਾਂ ਵਿਅਕਤੀਆਂ ਦਾ ਸਨਮਾਨ ਕਰਦੀ ਹੈ ਜਿਨ੍ਹਾਂ ਨੇ ਆਪਣੇ ਕੰਮਾਂ ਨਾਲ ਪੰਜਾਬੀ ਬੋਲੀ ਨੂੰ ਕਨੇਡਾ ਵਿਚ ਸਥਾਪਤ ਕਰਨ ਵਿਚ ਯੋਗਦਾਨ ਪਾਇਆ ਹੁੰਦਾ ਹੈ। ਇਸ ਵਾਰੀ ਵੀ ਭਾਈਚਾਰੇ ਦੀ ਜਾਣੀ ਪਛਾਣੀ ਸ਼ਖਸੀਅਤ ਆਸਾ ਸਿੰਘ ਜੌਹਲ ਹੋਰਾਂ ਨੂੰ ਉਨ੍ਹਾਂ ਵਲੋਂ ਯੂ ਬੀ ਸੀ ਵਿਚ ਪੰਜਾਬੀ ਦੀ ਪੜ੍ਹਾਈ ਚਲਦੀ ਰੱਖਣ ਵਾਸਤੇ ਪਿਛਲੇ ਲੰਮੇ ਸਮੇਂ ਤੋਂ ਦਿੱਤੀ ਜਾਂਦੀ ਮਾਇਕ ਸਹਾਇਤਾ ਲਈ ਸਨਮਾਨਤ ਕੀਤਾ। ਆਸਾ ਸਿੰਘ, ਜੋ ਨੱਬਿਆਂ ਸਾਲਾਂ ਤੋਂ ਵੱਧ ਉਮਰ ਦੇ ਹਨ, ਆਪਣੀ ਪਤਨੀ ਕਸ਼ਮੀਰ ਕੌਰ ਜੌਹਲ ਤੇ ਬੇਟੇ ਦਰਸ਼ੀ ਸਿੰਘ ਜੌਹਲ ਹੋਰਾਂ ਨਾਲ ਪਲੀ ਦੇ ਸਮਾਗਮ ’ਤੇ ਪਹੁੰਚੇ ਤੇ ਸ੍ਰੋਤਿਆਂ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ।
ਓਮਨੀ ਪੰਜਾਬੀ ਟੀ ਵੀ ਦੇ ਰਹਿ ਚੁੱਕੇ ਨਿਊਜ਼ ਮੈਨੇਜਰ ਤੇ ਹੁਣ ਹਾਕੀ ਨਾਈਟ ਇਨ ਪੰਜਾਬੀ ਦੀ ਆਵਾਜ਼ ਭੁਪਿੰਦਰ ਹੁੰਦਲ ਹੋਰਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਾਕੀ ਦਾ ਪੰਜਾਬੀ ਵਿਚ ਪ੍ਰਸਾਰਣ ਕਰਨ ਬਦਲੇ ਕਨੇਡਾ ਅਤੇ ਅਮਰੀਕਾ ਵਿਚ ਮਿਲ ਰਹੀ ਸ਼ੁਹਰਤ ਤੇ ਪਹਿਚਾਣ ਬਾਰੇ ਵਿਸਥਾਰ ਵਿਚ ਦੱਸਿਆ। ਉਨ੍ਹਾਂ ਨੇ ਖਾਸ ਤੌਰ ’ਤੇ ਪੰਜਾਬੀ ਸਿੱਖ ਰਹੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੰਜਾਬੀ ਹੋਣ ’ਤੇ ਮਾਣ ਮਹਿਸੂਸ ਕਰਨ ਅਤੇ ਪੂਰੇ ਮਨ ਨਾਲ ਪੰਜਾਬੀ ਸਿੱਖਣ।
ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਪਲੀ ਦੇ ਮਾਂ-ਬੋਲੀ ਦਿਨ ਦੇ ਸਮਾਗਮ ਦਾ ਮੁੱਖ ਫੋਕੱਸ ਵਿਦਿਅਕ ਅਦਾਰਿਆਂ ਵਿਚ ਪੰਜਾਬੀ ਸਿੱਖ ਰਹੇ ਵਿਦਿਆਰਥੀਆਂ ਨੂੰ ਉਤਸਾਹਤ ਕਰਨ ਲਈ ਉਨ੍ਹਾਂ ਵਲੋਂ ਕਵਿਤਾਵਾਂ, ਗੀਤ, ਤੇ ਲੇਖਾਂ ਦੀਆਂ ਪੇਸ਼ਕਾਰੀਆਂ ਸਨ। ਸਮਾਗਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ ਸਨ: ਸੁਖਮਣ ਕੌਰ ਕੰਬੋਅ, ਸਾਹਿਬ ਸਿੰਘ ਕੰਬੋਅ, ਰਮਿੰਦਰ ਧਾਰੀਵਾਲ, ਸਿਮਰਤ ਜੇਠੀ, ਲਵਲੀਨ ਛਰਹਾਨ, ਆਸ਼ਮੀਨ ਸੰਧੂ, ਨਵਰੀਤ ਵਿਰਕ, ਪਰਲੀਨ ਸਹੋਤਾ, ਆਰਮਨ ਸਿੱਧੂ, ਸੁਰਖਾਬ ਢਿੱਲੋਂ, ਕਰਨ ਸੰਧੂ, ਗੁਨੀਤ ਝੱਜ, ਸਿਦਕਦੀਪ ਲਾਲੀ, ਜੀਆ ਗਿੱਲ, ਜਸਮੀਤ ਸਿੱਧੂ, ਗੁਰਨੀਤ ਕੌਰ ਸੇਠੀ, ਹਰਨੂਰ ਸਿੰਘ, ਲਵਲੀਨ ਵਾਲ਼ੀਆ, ਇਸ਼ਰੀਤ ਸਰਾਂ, ਤਮਨਪ੍ਰੀਤ ਬਹਿਲ, ਪ੍ਰਬਲੀਨ ਰਾਏ, ਐਨਰੂਪ ਕੌਰ, ਲਵਜੋਤ ਛਰਹਾਨ, ਰੰਜੀਵ ਸਹੋਤਾ, ਕਰਮਜੀਤ ਖੇਲਾ, ਗੁਰਸਾਗਰ ਦੋਸਾਂਝ, ਮਨਦੀਪ ਕੰਗ, ਇਨਦੀਪ ਸੰਧੂ, ਰੋਹਨ ਵਰਮਾ, ਸੁਖਰਾਜ ਗਿੱਲ, ਅਰਜਨ ਰਾਏ, ਸੇਵਾ ਪੰਧੇਰ, ਸਹਿਜ ਬਾਜਵਾ ਅਤੇ ਗੁਰਦਿੱਤ ਔਲਖ। ਇਹ ਸਾਰੇ ਵਿਦਿਆਰਥੀ ਇਨ੍ਹਾਂ ਦੇ ਅਧਿਆਪਕ ਗਰੀਨ ਟਿੰਬਰਜ਼ ਐਲਿਮੈਂਟਰੀ ਤੋਂ ਕਮਲਜੀਤ ਕੌਰ ਬਾਜਵਾ, ਨਿਊਵੈਸਟ ਸੈਕੰਡਰੀ ਸਕੂਲ ਤੋਂ ਸਤਨਾਮ ਸਾਂਗਰਾ, ਬੀਵਰ ਕਰੀਕ ਐਲਿਮੈਂਟਰੀ ਤੋਂ ਹਰਮਨ ਪੰਧੇਰ, ਐਲ ਏ ਮੈਥਿਸਨ ਸੈਕੰਡਰੀ ਤੋਂ ਗੁਰਪ੍ਰੀਤ ਬੈਂਸ, ਪਰਿੰਸਸ ਮਾਰਗਰੈਟ ਸੈਕੰਡਰੀ ਤੋਂ ਅਮਨਦੀਪ ਛੀਨਾ ਹੋਰਾਂ ਦੇ ਸਹਿਯੋਗ ਨਾਲ ਆਏ ਸਨ। ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਪਲੀ ਵਲੋਂ ਸਰਟੀਫਿਕੇਟ ਅਤੇ ਤੋਹਫੇ ਦਿੱਤੇ ਗਏ।
ਪਲੀ ਦਾ ਇਹ ਪ੍ਰੋਗਰਾਮ ਭਰਪੂਰ ਹਾਜ਼ਰੀ ਵਿਚ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨਾਲ ਮਾਂ-ਬੋਲੀ ਪੰਜਾਬੀ ਦਾ ਢੁੱਕਵਾਂ ਜਸ਼ਨ ਸੀ। ਸਾਰੇ ਪ੍ਰੋਗਰਾਮ ਨੂੰ ਪਲੀ ਦੇ ਹਰਮਨ ਪੰਧੇਰ, ਜੋ ਖੁਦ ਪੰਜਾਬੀ ਪੜ੍ਹਾਉਂਦੇ ਹਨ ਅਤੇ ਬਰਨਬੀ ਸਕੂਲ ਬੋਰਡ ਦੇ ਚੁਣੇ ਹੋਏ ਮੈਂਬਰ ਹਨ, ਨੇ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਿਆ। ਅੰਤ ਵਿਚ ਬਲਵੰਤ ਸੰਘੇੜਾ ਹੋਰਾਂ ਆਏ ਸ੍ਰੋਤਿਆਂ ਅਤੇ ਸਮੁੱਚੇ ਪੰਜਾਬੀ ਮੀਡੀਏ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਚੰਦਰ ਬੋਡਾਲੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਪਿਛਲੇ ਸਾਲਾਂ ਦੀ ਤਰ੍ਹਾਂ ਸਮਾਗਮ ਦੀਆਂ ਤਸਵੀਰਾਂ ਲੈਣ ਲਈ ਉਚੇਚੇ ਪਹੁੰਚੇ। ਸਮਾਗਮ ਸਮੇਂ ਪਲੀ ਦੀ ਸਹਾਇਤਾ ਕਰਨ ਲਈ ਉਨ੍ਹਾਂ ਮੱਖਣ ਟੁੱਟ, ਪ੍ਰੀਤ ਬਿਨਿੰਗ, ਸੁਖਵੰਤ ਹੁੰਦਲ, ਨਵਦੀਪ ਸਿੱਧੂ ਤੇ ਹੋਰਨਾਂ ਦਾ ਵੀ ਧੰਨਵਾਦ ਕੀਤਾ।

ਪ੍ਰਕਾਸ਼ਿਤ: ਰੀਪੋਰਟਾਂ ਵਿੱਚ | ਟੈਗ: , , , , , , , | ਟਿੱਪਣੀ ਕਰੋ

ਪਲੀ ਵਲੋਂ 14ਵਾਂ ਅੰਤਰਰਾਸ਼ਟਰੀ ਮਾਂ-ਬੋਲੀ ਦਿਨ

plea-feb-262017-posteruni

ਤਸਵੀਰ | Posted on by | ਟਿੱਪਣੀ ਕਰੋ